ਮਲਾਹ ਦਾ ਫੇਰਾ
ਸਮੁੰਦਰ ਦੇ ਕੰਢੇ ਲੋਕਾਂ ਦੀ ਇਕ ਭੀੜ ਪਈ ਹੋਈ ਸੀ। ਹਰ ਉਮਰ ਦੇ ਲੋਕ, ਹਰ ਕੌਮ ਦੇ ਲੋਕ, ਹਰ ਵੇਸ ਦੇ ਲੋਕ।
ਕਈ ਲੋਕ ਬੜੀ ਤਾਂਘ ਨਾਲ ਸਮੁੰਦਰ ਦੀ ਛਾਤੀ ਨੂੰ ਉਥੋਂ ਤੱਕ ਵੇਖਦੇ ਪਏ ਸਨ ਜਿੱਥੋਂ ਤੱਕ ਉਨ੍ਹਾਂ ਦੀ ਨੀਝ ਜਾ ਸਕਦੀ ਸੀ। ਕਈਆਂ ਦੀਆਂ ਅੱਖਾਂ ਭੀੜ ਵਿਚ ਇਸ ਤਰ੍ਹਾਂ ਰੁੱਝੀਆਂ ਹੋਈਆਂ ਸਨ, ਜਿਵੇਂ ਉਨ੍ਹਾਂ ਨੂੰ ਸਮੁੰਦਰ ਨਾਲ ਕੋਈ ਵਾਸਤਾ ਨਹੀਂ ਸੀ।
ਕਈ ਲੋਕ ਮੱਕਈ ਦੀਆਂ ਭੁੱਜੀਆਂ ਹੋਈਆਂ ਛੱਲੀਆਂ ਖਾਂਦੇ ਪਏ ਸਨ, ਕਈ ਮੁੰਗਫਲੀ ਛਿਲਦੇ ਪਏ ਸਨ ਤੇ ਕਈ ਨਾਰੀਅਲ ਪੀਂਦੇ ਪਏ ਸਨ। ਕੁਝ ਬੱਚੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਰੇਤ ਦੇ ਘਰ ਬਣਾਂਦੇ ਪਏ ਸਨ।
ਸਮੁੰਦਰ ਦੀ ਛਾਤੀ ਉਤੇ ਕੁਝ ਝਿਲਮਿਲ ਕਰਨ ਲੱਗ ਪਿਆ। ਕਈਆਂ ਲੋਕਾਂ ਦੇ ਦਿਲ ਧੜਕੇ। ਅਸਮਾਨ ਦੀ ਇਕ ਨੁੱਕਰ ਨੇ ਆਪਣੇ ਹੱਥਾਂ ਵਿਚ ਸੂਰਜ ਦਾ ਪਿਆਲਾ ਫੜਿਆ ਹੋਇਆ ਸੀ ਤੇ ਉਸ ਪਿਆਲੇ ਵਿਚੋਂ ਬਹੁਤ ਸਾਰੀ ਲਾਲੀ ਸਮੁੰਦਰ ਦੇ ਪਾਣੀ ਵਿਚ ਡੁੱਲ੍ਹਦੀ ਪਈ ਸੀ।
ਪਾਣੀਆਂ ਨੂੰ ਚੀਰ ਕੇ ਆਉਂਦੀ ਬੇੜੀ ਦਾ ਹੁਣ ਵਜੂਦ ਲੱਭਣ ਲੱਗ ਪਿਆ ਸੀ। ਕਈ ਲੋਕਾਂ ਨੇ ਇਹ ਗੱਲ ਨਾ ਗੌਲੀ, ਪਰ ਕਈਆਂ ਦੇ ਹੱਥੋਂ ਮੱਕੀ ਦੀਆਂ ਛੱਲੀਆਂ ਛੁਟਕ ਗਈਆਂ, ਮੁੰਗਫਲੀ ਡਿੱਗ ਪਈ ਤੇ ਨਾਰੀਅਲ ਦਾ ਪਾਣੀ ਡੁੱਲ੍ਹ ਪਿਆ।
ਛੱਲਾਂ ਇਕ ਸਾਜ਼ ਵਾਂਗ ਵੱਜਦੀਆਂ ਪਈਆਂ ਸਨ, ਚੱਪੂਆਂ ਦੀ ਆਵਾਜ਼ ਉਹਨੂੰ ਤਾਲ ਦੇਣ ਲੱਗ ਪਈ ਤੇ ਫਿਰ ਮਲਾਹ ਦਾ ਗੀਤ ਕੰਢੇ ਵੱਲ ਆਉਣ ਲੱਗ ਪਿਆ।
ਮਲਾਹ ਦਾ ਇਹ ਗੀਤ ਕੋਈ ਜਾਦੂ ਚਾੜ੍ਹਨ ਦੀ ਥਾਂ ਖਬਰੇ ਕੋਈ ਜਾਦੂ ਲਾਂਹਦਾ ਪਿਆ ਸੀ, ਕੰਢੇ ਉਤੇ ਖਲੋਤੇ ਹੋਏ ਕਈ ਜੋੜਿਆਂ ਦੇ ਹੱਥ ਹੱਥਾਂ ਵਿਚੋਂ ਛੁਟਕ ਗਏ। ਜਿਉਂ ਜਿਉਂ ਮਲਾਹ ਦੀ ਆਵਾਜ਼ ਉਚੀ ਹੁੰਦੀ ਗਈ ਤੇ ਬੇੜੀ ਕੰਢੇ ਵੱਲ ਆਉਂਦੀ ਗਈ, ਕਈਆਂ ਦੀਆਂ ਅੱਖਾਂ ਵਿਚ ਧੁੱਪ ਲਿਸ਼ਕੀ, ਕਈਆਂ ਦੀਆਂ ਅੱਖਾਂ ਵਿਚ ਬੱਦਲ ਆ ਗਏ ਤੇ ਕਈਆਂ ਦੀਆਂ ‘ਚੋਂ ਕਣੀਆਂ ਲਹਿ ਪਈਆਂ। ਬਹੁਤ ਸਾਰੇ ਲੋਕ ਇਹੋ ਜਿਹੇ ਵੀ ਸਨ, ਜਿਨ੍ਹਾਂ ਨੇ ਇਸ ਪਾਸੇ ਅੱਖਾਂ ਹੀ ਨਹੀਂ ਸਨ ਕੀਤੀਆਂ।
ਬੇੜੀ ਨੂੰ ਕੰਢੇ ਲਾ ਕੇ ਮਲਾਹ ਨੇ ਲੋਕਾਂ ਵੱਲ ਤੱਕਿਆ ਤੇ ਬੁਲਾਵਾ ਦਿੱਤਾ, “ਹੈ ਕੋਈ ਸਵਾਰੀ?”
ਮਲਾਹ ਦੇ ਮੂੰਹ ਦੀ ਝਾਲ ਨਹੀਂ ਸੀ ਝੱਲੀ ਜਾਂਦੀ, ਲੋਕਾਂ ਨੇ ਅੱਖਾਂ ਨੀਵੀਆਂ ਪਾ ਲਈਆਂ। ਤੇ ਮਲਾਹ ਕੰਢੇ ਦੀ ਰੇਤ ਉਤੇ ਨਿਵੇਕਲਾ ਬਹਿ ਕੇ ਹੁੱਕਾ ਪੀਣ ਲੱਗ ਪਿਆ।
ਸੂਰਜ ਦਾ ਪਿਆਲਾ ਮੂਧਾ ਹੋ ਗਿਆ ਤੇ ਸਮੁੰਦਰ ਨੇ ਮਿੰਟਾਂ ਵਿਚ ਉਹਦੀ ਲਾਲੀ ਡੀਕ ਲਾ ਕੇ ਪੀ ਲਈ। ਹੁਣ ਸਮੁੰਦਰ ਰਾਤ ਦੇ ਹਨੇਰੇ ਨੂੰ ਘੁੱਟ ਘੁੱਟ ਕਰ ਕੇ ਪੀਂਦਾ ਪਿਆ ਸੀ। ਲੋਕ ਘਰਾਂ ਨੂੰ ਤੁਰ ਗਏ ਸਨ।
ਮਲਾਹ ਨੇ ਹੁੱਕਾ ਇਕ ਪਾਸੇ ਧਰ ਦਿੱਤਾ ਤੇ ਉਠ ਕੇ ਸਮੁੰਦਰ ਦੇ ਖਾਲੀ ਕੰਢੇ ਨੂੰ ਵੇਖਿਆ, ਪਾਣੀ ਦੀ ਕੋਈ ਛੱਲ ਹੰਭਲਾ ਮਾਰ ਕੇ ਆਉਂਦੀ ਸੀ ਤੇ ਰੇਤ ਉਤੇ ਡਿੱਗੇ ਹੋਏ ਛੱਲੀਆਂ ਦੇ ਤੁੱਕੇ, ਮੁੰਗਫਲੀ ਦੇ ਛਿੱਲੜ ਤੇ ਨਾਰੀਅਲ ਦੇ ਖਿੱਪਰ ਹੂੰਝ ਕੇ ਕੰਢੇ ਦੀ ਰੇਤ ਨੂੰ ਸਵਾਹਰਿਆਂ ਕਰਦੀ ਪਈ ਸੀ। ਲੋਕਾਂ ਦੇ ਪੈਰਾਂ ਦੇ ਨਿਸ਼ਾਨ ਵੀ ਹੂੰਝੇ ਗਏ ਸਨ, ਤੇ ਬਾਲਾਂ ਦੇ ਬਣਾਏ ਹੋਏ ਘਰ ਵੀ।
ਮਲਾਹ ਨੇ ਦੂਰ ਨਾਰੀਅਲ ਦੇ ਝੁੰਡਾਂ ਵਿਚ ਬਣੀ ਝੁੱਗੀ ਵੱਲ ਵੇਖਿਆ। ਝੁੱਗੀ ਵਿਚ ਦੀਵਾ ਅਜੇ ਜਗਦਾ ਪਿਆ ਸੀ। ਮਲਾਹ ਗੇਣਤਰੀਆਂ ਗਿਣਦੇ ਪੈਰਾਂ ਨਾਲ ਉਸ ਝੁੱਗੀ ਵੱਲ ਤੁਰ ਪਿਆ।
“ਜਾਗਨੀ ਏਂ ਅਜੇ?” ਮਲਾਹ ਨੇ ਝੁੱਗੀ ਦਾ ਅੱਧ ਭੀੜਿਆ ਬੂਹਾ ਠਕੋਰਿਆ।
“ਲੰਘ ਆ ਅੰਦਰ! ਤੈਨੂੰ ਹੀ ਪਈ ਉਡੀਕਦੀ ਸਾਂ” ਝੁੱਗੀ ਦੇ ਅੰਦਰੋਂ ਇਕ ਤੀਵੀਂ ਦੀ ਆਵਾਜ਼ ਆਈ, “ਬਹਿ ਜਾ ਏਥੇ” ਤੀਵੀਂ ਨੇ ਫੇਰ ਆਖਿਆ ਤੇ ਝੁੱਗੀ ਦੀ ਨੁੱਕਰੇ ਵਿਛਾਈ ਬੋਰੀ ਨੂੰ ਇਕ ਵਾਰੀ ਫੇਰ ਝਾੜ ਕੇ ਵਿਛਾ ਦਿੱਤਾ।
“ਕੋਈ ਸਵਾਰੀ ਨਹੀਂ ਮਿਲੀ”, ਮਲਾਹ ਨੇ ਇਕ ਡੂੰਘਾ ਸਾਹ ਭਰਿਆ।
“ਮੈਂ ਆਖਣੀ ਆਂ ਤੂੰ ਇਹ ਰੋਜ਼ ਦਾ ਬਖੇੜਾ ਛੱਡ ਕਿਉਂ ਨਹੀਂ ਦੇਂਦਾ? ਕਦੇ ਤੈਨੂੰ ਕੋਈ ਸਵਾਰੀ ਲੱਭੀ ਵੀ ਏ? ਛੱਡ ਪਰ੍ਹੇ ਸਵਾਰੀਆਂ ਦੀ ਗੱਲ, ਇਹ ਦੱਸ ਨਾਰੀਅਲ ਪੀਏਂਗਾ?”
“ਨਾਰੀਅਲ ਪੀਣ ਹੀ ਤਾਂ ਆਇਆ ਵਾਂ।”
“ਦੱਸ ਕਿਹੜਾ ਲਿਆਵਾਂ? ਪਾਣੀ ਵਾਲਾ, ਮਲਾਈ ਵਾਲਾ ਕਿ ਗਰੀ ਵਾਲਾ?”

Comments
Post a Comment