Posts

Showing posts from July, 2022

ਮਲਾਹ ਦਾ ਫੇਰਾ

Image
 ਸਮੁੰਦਰ ਦੇ ਕੰਢੇ ਲੋਕਾਂ ਦੀ ਇਕ ਭੀੜ ਪਈ ਹੋਈ ਸੀ। ਹਰ ਉਮਰ ਦੇ ਲੋਕ, ਹਰ ਕੌਮ ਦੇ ਲੋਕ, ਹਰ ਵੇਸ ਦੇ ਲੋਕ। ਕਈ ਲੋਕ ਬੜੀ ਤਾਂਘ ਨਾਲ ਸਮੁੰਦਰ ਦੀ ਛਾਤੀ ਨੂੰ ਉਥੋਂ ਤੱਕ ਵੇਖਦੇ ਪਏ ਸਨ ਜਿੱਥੋਂ ਤੱਕ ਉਨ੍ਹਾਂ ਦੀ ਨੀਝ ਜਾ ਸਕਦੀ ਸੀ। ਕਈਆਂ ਦੀਆਂ ਅੱਖਾਂ ਭੀੜ ਵਿਚ ਇਸ ਤਰ੍ਹਾਂ ਰੁੱਝੀਆਂ ਹੋਈਆਂ ਸਨ, ਜਿਵੇਂ ਉਨ੍ਹਾਂ ਨੂੰ ਸਮੁੰਦਰ ਨਾਲ ਕੋਈ ਵਾਸਤਾ ਨਹੀਂ ਸੀ। ਕਈ ਲੋਕ ਮੱਕਈ ਦੀਆਂ ਭੁੱਜੀਆਂ ਹੋਈਆਂ ਛੱਲੀਆਂ ਖਾਂਦੇ ਪਏ ਸਨ, ਕਈ ਮੁੰਗਫਲੀ ਛਿਲਦੇ ਪਏ ਸਨ ਤੇ ਕਈ ਨਾਰੀਅਲ ਪੀਂਦੇ ਪਏ ਸਨ। ਕੁਝ ਬੱਚੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਰੇਤ ਦੇ ਘਰ ਬਣਾਂਦੇ ਪਏ ਸਨ। ਸਮੁੰਦਰ ਦੀ ਛਾਤੀ ਉਤੇ ਕੁਝ ਝਿਲਮਿਲ ਕਰਨ ਲੱਗ ਪਿਆ। ਕਈਆਂ ਲੋਕਾਂ ਦੇ ਦਿਲ ਧੜਕੇ। ਅਸਮਾਨ ਦੀ ਇਕ ਨੁੱਕਰ ਨੇ ਆਪਣੇ ਹੱਥਾਂ ਵਿਚ ਸੂਰਜ ਦਾ ਪਿਆਲਾ ਫੜਿਆ ਹੋਇਆ ਸੀ ਤੇ ਉਸ ਪਿਆਲੇ ਵਿਚੋਂ ਬਹੁਤ ਸਾਰੀ ਲਾਲੀ ਸਮੁੰਦਰ ਦੇ ਪਾਣੀ ਵਿਚ ਡੁੱਲ੍ਹਦੀ ਪਈ ਸੀ। ਪਾਣੀਆਂ ਨੂੰ ਚੀਰ ਕੇ ਆਉਂਦੀ ਬੇੜੀ ਦਾ ਹੁਣ ਵਜੂਦ ਲੱਭਣ ਲੱਗ ਪਿਆ ਸੀ। ਕਈ ਲੋਕਾਂ ਨੇ ਇਹ ਗੱਲ ਨਾ ਗੌਲੀ, ਪਰ ਕਈਆਂ ਦੇ ਹੱਥੋਂ ਮੱਕੀ ਦੀਆਂ ਛੱਲੀਆਂ ਛੁਟਕ ਗਈਆਂ, ਮੁੰਗਫਲੀ ਡਿੱਗ ਪਈ ਤੇ ਨਾਰੀਅਲ ਦਾ ਪਾਣੀ ਡੁੱਲ੍ਹ ਪਿਆ। ਛੱਲਾਂ ਇਕ ਸਾਜ਼ ਵਾਂਗ ਵੱਜਦੀਆਂ ਪਈਆਂ ਸਨ, ਚੱਪੂਆਂ ਦੀ ਆਵਾਜ਼ ਉਹਨੂੰ ਤਾਲ ਦੇਣ ਲੱਗ ਪਈ ਤੇ ਫਿਰ ਮਲਾਹ ਦਾ ਗੀਤ ਕੰਢੇ ਵੱਲ ਆਉਣ ਲੱਗ ਪਿਆ। ਮਲਾਹ ਦਾ ਇਹ ਗੀਤ ਕੋਈ ਜਾਦੂ ਚਾੜ੍ਹਨ ਦੀ ਥਾਂ ਖਬਰੇ ਕੋਈ ਜਾਦੂ ਲਾਂਹਦਾ ਪਿਆ ਸੀ...